ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਰੱਬ ਜੜੀਆਂ-ਬੂਟੀਆਂ ਲਾਉਂਦਾ ਹੋਊ, ਤਾਂਹੀ ਸਾਧੂ ਜਾਂਦੇ ਜੰਗਲਾਂ ਚੋਂ,
ਜਾ ਚੰਦਨ ਸੋਹਣੇ ਪੱਟਦਾ ਹੋਊ, ਜੋ ਡਾਕੂ ਮਿਲਦੇ ਸੰਦਲਾਂ ਚੋਂ,
ਕੁੱਝ ਕਾਲੇਪਾਣੀ ਮਿਲਦਾ ਹੋਊ, ਕੌਣ ਬੰਨਦਾ ਖੁਦ ਨੂੰ ਸੰਗਲਾਂ ਚੋਂ,
ਕੋਈ ਡੇਰਿਓਂ ਕੱਢਿਆ ਮਿਲਜੇ ਚੇਲਾ, ਅਸੀਂ ਵੀ ਪੁੜੀ ਬਣਾ ਲਈਏ,
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਮਿੰਨੀ ਬੱਸਾ ਖਾਨਾਂ ਹੁਸ਼ਨ ਦੀਆਂ, ਤਾਂਹੀ ਪੜੂਏ ਇਸ ਵਿੱਚ ਚੜਦੇ ਨੇ.
ਬੁਢੜੇ ਵੀ ਆਕੀ ਹੋ ਗਏ ਨੇ ਸਭ ਪੁਰਜਾ-ਪੁਰਜਾ ਕਰਦੇ ਨੇ,
ਵਾਰੀ ਵਿੱਚ ਫਸਕੇ ਖੜਦੇ ਨੇ, ਸੱਜਣਾਂ ਤੇ ਅੱਖੀਆਂ ਧਰਦੇ ਨੇ,
ਅੱਡਿਓਂ ਪਾਸ ਬਣਾ ਛੇਤੀ, ਇੱਕ ਕਾਪੀ ਜੇਬ ਚ' ਪਾ ਲਈਏ,
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਪਿੰਡ ਦੇ ਜਿਹੜੇ ਮਕੈਨਿਕ ਨੇ, ਜਦ ਚਾਬੀ ਪਾਨੇ ਚੱਕਦੇ ਨੇ,
ਹੱਥ ਨਾਲ ਇੰਜਣ ਬੰਨਦੇ ਨੇ, ਅੱਖ ਨਾਲ ਸੋਹਣੇ ਤੱਕਦੇ ਨੇ,
ਕਈ ਵਰਦੀ ਵਾਲੇ ਸੋਹਣੇ ਤਾਂ ਖਿੜ-ਖਿੜ ਬਹੁਤੇ ਹੱਸਦੇ ਨੇ,
ਬਾਪੂ ਨੂੰ ਚਕਮਾ ਦੇ ਕੇ ਜੇ, ਸਪੇਅਰ ਪਾਰਟਸ ਚ' ਹਿੱਸਾ ਪਾ ਲਈਏ
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਮਿੱਠੀਆਂ-ਠੰਡੀਆਂ ਸਾਮਾਂ ਸੋਹਣਿਆਂ ਸੈਰਾਂ ਲਈ ਤੁਰਨਾ ਹੁੰਦਾ ਹੈ,
ਉਸੇ ਵੇਲੇ ਦਿਹਾੜੀਦਾਰਾਂ ਨੇ ਵੀ ਕੰਮਾਂ ਤੋਂ ਮੁੜਨਾ ਹੁੰਦਾ ਹੈ,
ਕਈ ਨਖਰੇ ਵਾਲੇ ਸੋਹਣਿਆਂ ਨੇ ਤਾਂ ਰੋਜ਼ ਹੀ ਝੁਰਨਾ ਹੁੰਦਾ ਹੈ,
ਸਾਇਕਲ ਦੀਆਂ ਲਿਫਟਾਂ ਲੈ ਲਾਂ ਗੇ, ਪਹਿਲਾਂ ਖੜੀ ਬੱਸ ਲੰਘਾ ਲਈਏ,
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਪਿੰਡ ਦੇ ਮੇਰੇ ਹਾਣੀਆਂ ਨੇ ਰਲ-ਮਿਲ ਕੇ ਸਕੀਮ ਬਣਾਈ ਹੈ,
ਚੰਡੀਗੜ ਦੇ ਮੁਲਕ ਤੋਂ ਕਹਿੰਦੇ ਕੁੜੀ ਗੋਰੀ ਚਿੱਟੀ ਆਈ ਹੈ,
ਇੱਕ ਪਾਸੇ ਜੁਲਫਾਂ ਸੁੱਟੀਆਂ ਨੇ ਨਾਲੇ ਘੁੱਟਵੀਂ ਪੈਂਟ ਵੀ ਪਾਈ ਹੈ,
ਕਿਸੇ ਹੋਰ ਤੋਂ ਪਹਿਲਾਂ ਰਲ ਮਿਲ ਕੇ ਗੰਨੇ ਦਾ ਰਸ ਪਿਲਾ ਲਈਏ
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਸ਼ਹਿਰੀ ਭਾਅ ਹੈ ਵਧੀਆ ਹੁੰਦਾ, ਅਸੀਂ ਝੋਨਾ ਉਥੇ ਸੁੱਟਣਾ ਹੈ,
ਤੱਤੀਆਂ ਜਲੇਬੀਆਂ ਖਵਾ ਕੇ ਬਈ ਨਰਮ ਪਟੋਲਾ ਪੁੱਟਣਾ ਹੈ,
ਨਹਿਰੀ ਨਲਕੇ ਦਾ ਪਾਣੀ ਦੇਣਾ, ਗਲ ਵੀ ਆਖਿਰ ਸੁੱਕਣਾ ਹੈ,
ਮੰਡੀ ਦੇ ਹਲਵਾਈ ਕੋਲੋਂ ਥੋੜੀ ਚਾਸ਼ਣੀ ਹੋਰ ਪਵਾ ਲਈਏ,
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਪਿੰਡ ਵਿੱਚ ਫਿਰਦਾ ਸਿਕਲੀਗਰ ਬਿਨ ਕੰਧਾਂ ਆਲੇ ਧਰ ਲੈਂਦੈ
ਸੱਜਣਾਂ ਦੀ ਪੈੜੋਂ ਰੇਤਾ ਲੈ ਕੋਈ ਵਰਗਮੂਲ ਜਿਹਾ ਕੱਢ ਲੈਂਦੈ
ਉਹਦੇ ਮੰਤਰ ਛੱਡਿਆਂ ਤਾਂ ਮੋਰ ਵੀ ਹਿਣਕਣ ਲੱਗ ਪੈਂਦੈ,
ਖਾਲੀ ਪੀਪੇ, ਟੀਨਾਂ ਦੇ ਕੇ ਕੋਈ ਚੰਗੀ ਰੂਹ ਅੜਕਾਅ ਲਈਏ
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਸ਼ਹਿਰ ਕਾਲਿਜ ਦੀ ਕੰਧ ਜੁੜਵਾਂ ਹੀ ਸਿਲਾਈ ਸੈਂਟਰ ਖੁਲਿਆ ਹੈ,
ਕੋਈ ਸੱਜਣ ਸਾਡੇ ਪੱਧਰ ਦਾ, ਅੱਜ ਸਾਡੇ ਉੱਤੇ ਡੁੱਲਿਆ ਹੈ,
ਪਹਿਲੀ ਵਾਰੀ ਦਿਲ ਸਾਡਾ ਅੱਜ ਵਾਂਗ ਗ਼ੁਬਾਰੇ ਫੁਲਿਆ ਹੈ,
ਆਉ ਸਾਡੇ ਸੱਜਣਾਂ ਰਾਹੀਂ ਤੁਹਾਡਾ ਵੀ ਰੁਮਾਲ ਕਢਵਾ ਲਈਏ,
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ